Saturday, 11 June 2016

ਨਸ਼ਿਆਂ ਦੀ ਗ੍ਰਿਫ਼ਤ ’ਚ ਪੰਜਾਬ
Posted On June - 10 - 2016
ਉੜਤਾ ਪੰਜਾਬ’ ਫ਼ਿਲਮ ਸਬੰਧੀ ਸ਼ੁਰੂ ਹੋਏ ਵਿਵਾਦ ਨਾਲ ਪੰਜਾਬ ਵਿੱਚ ਨਸ਼ਿਆਂ ਦਾ ਮੁੱਦਾ ਇੱਕ ਵਾਰ ਮੁੜ ਗੰਭੀਰ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪੰਜਾਬ ਦੀ ਸੱਤਾਧਾਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮੁੱਢ ਤੋਂ ਹੀ ਸੂਬੇ ਦੇ ਨਸ਼ਿਆਂ ਵਿੱਚ ਗ੍ਰਿਫ਼ਤ ਹੋਣ ਦੇ ਸੱਚ ਤੋਂ ਨਾ ਕੇਵਲ ਇਨਕਾਰ ਹੀ ਕਰਦੀ ਆ ਰਹੀ ਹੈ ਬਲਕਿ ਇਹ ਗੱਲ ਕਹਿਣ ਵਾਲਿਆਂ ਨੂੰ ਪੰਜਾਬ ਵਿਰੋਧੀ ਵੀ ਦਸਦੀ ਆਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਨੌਜਵਾਨਾਂ ਦੇ ਵੱਡੀ ਗਿਣਤੀ ਵਿੱਚ ਨਸ਼ਾਗ੍ਰਸਤ ਹੋਣ ਸਬੰਧੀ ਕੀਤੇ ਜਾ ਰਹੇ ਪ੍ਰਚਾਰ ਨੂੰ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਵਜੋਂ ਦੇਖਦੇ ਹਨ। ਕੇਂਦਰ ਵਿੱਚ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਮੌਕੇ ਉਹ ਪੰਜਾਬ ਨਸ਼ਿਆਂ ਦੇ ਪ੍ਰਚੱਲਣ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਉਂਦੇ ਰਹੇ ਹਨ ਪਰ ਮੋਦੀ ਸਰਕਾਰ ਆਉਣ ਤੋਂ ਬਾਅਦ ਉਨ੍ਹਾਂ ਇਸ ਗੱਲ ’ਤੇ ਚੁੱਪ ਸਾਧ ਲਈ ਹੈ। ਹੋਰ ਤਾਂ ਹੋਰ, ਉਹ ਪੰਜਾਬ ਵਿੱਚ ਸ਼ਰਾਬ ਸਮੇਤ ਕਈ ਨਸ਼ਿਆਂ ਦੇ ਸੇਵਨ ਨੂੰ ਕੋਈ ਸਮੱਸਿਆ ਮੰਨਣ ਤੋਂ ਵੀ ਇਨਕਾਰੀ ਹਨ।
ਸ਼੍ਰੋਮਣੀ ਅਕਾਲੀ ਦਲ ਅਤੇ ਇਸ ਹਮਾਇਤੀ ਭਾਵੇਂ ਕੁਝ ਵੀ ਕਹਿਣ ਪਰ ਪੰਜਾਬ ਦੇ ਨੌਜਵਾਨਾਂ ਦੀ ਵੱਡੀ ਗਿਣਤੀ ਦੇ ਨਸ਼ਿਆਂ ਦੇ ਪ੍ਰਭਾਵ ਹੇਠ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੰਜਾਬ ਵਿੱਚ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ ਤੇ ਪ੍ਰਚੱਲਣ ਸਬੰਧੀ ਭਾਵੇਂ ਕੋਈ ਵਿਸ਼ੇਸ਼ ਵਿਧੀਵਤ ਅਧਿਐਨ ਮੌਜੂਦ ਨਹੀਂ ਪਰ ਕੁਝ ਸਰਵੇਖਣ ਜ਼ਰੂਰ ਮੌਜੂਦ ਹਨ। 2006 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋ. ਆਰ.ਐਸ. ਸੰਧੂ ਦੀ ਅਗਵਾਈ ਵਿੱਚ ਅੰਮ੍ਰਿਤਸਰ, ਜਲੰਧਰ, ਬਠਿੰਡਾ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਸਰਵੇ ਅਨੁਸਾਰ ਨਸ਼ਿਆਂ ਵਿੱਚ ਗ੍ਰਸਤ ਪੰਜਾਬੀਆਂ ਵਿੱਚੋਂ 73 ਫ਼ੀਸਦੀ 16 ਤੋਂ 35 ਉਮਰ ਵਰਗ ਦੇ ਹਨ। ਲਗਪਗ ਇਹੀ ਸਿੱਟਾ 2010 ਵਿੱਚ ਇੰਸਟੀਚਿਊਟ ਆਫ ਡਿਵੈਲਪਮੈਂਟ, ਚੰਡੀਗੜ੍ਹ ਵੱਲੋਂ ਕੀਤੇ ਗਏ ਅਧਿਐਨ ਦੌਰਾਨ ਸਾਹਮਣੇ ਆਇਆ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼), ਦਿੱਲੀ ਵੱਲੋਂ ਇਸੇ ਸਾਲ ਕੀਤੇ ਗਏ ਅਧਿਐਨ ਮੁਤਾਬਿਕ ਨਸ਼ਾਗ੍ਰਸ਼ਤ ਵਿਅਕਤੀਆਂ ਵਿੱਚੋਂ 76 ਫ਼ੀਸਦੀ 18 ਤੋਂ 35 ਉਮਰ ਗਰੁੱਪ ਦੇ ਹਨ।  ਅਫੀਮ, ਤੰਬਾਕੂ, ਭੁੱਕੀ, ਹੈਰੋਇਨ, ਸਮੈਕ, ਚਿੱਟਾ ਅਤੇ ਅਜਿਹੇ ਹੋਰ ਸਿੰਥੈਟਿਕ ਨਸ਼ਿਆਂ ਦੇ ਨਾਲ ਨਾਲ ਸ਼ਰਾਬ ਦਾ ਨਸ਼ਾ ਵੀ ਪੰਜਾਬੀਆਂ ਨੂੰ ਕਾਫ਼ੀ ਹੱਦ ਤਕ ਪ੍ਰਭਾਵਿਤ ਕਰ ਰਿਹਾ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਪਿਛਲੇ ਅੱਠ ਸਾਲਾਂ ਦੌਰਾਨ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵਿੱਚ 50 ਫ਼ੀਸਦੀ ਅਤੇ ਇਸ ਦੀ ਵਿਕਰੀ ਵਿੱਚ 85 ਫ਼ੀਸਦੀ ਵਾਧਾ ਹੋਇਆ ਹੈ। ਸ਼ਰਾਬ ਪੀਣ ਵਾਲਿਆਂ ਵਿੱਚ ਵੀ ਵੱਡੀ ਗਿਣਤੀ 15 ਤੋਂ 35 ਸਾਲ ਦੇ ਨੌਜਵਾਨਾਂ ਦੀ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਇਸੇ ਸਮੇਂ ਦੌਰਾਨ ਸੂਬੇ ਵਿੱਚ ਸ਼ਰਾਬ ਦੀਆਂ ਫੈਕਟਰੀਆਂ ਦੀ ਗਿਣਤੀ ਵੀ ਦੁੱਗਣੀ ਤੋਂ ਵੱਧ ਹੋ ਗਈ ਹੈ।
ਇਹ ਸਾਰੇ ਤੱਥ ਪੰਜਾਬ ਸਰਕਾਰ ਦੀ ਨਸ਼ਿਆਂ ਪ੍ਰਤੀ ਨੀਤੀ ਅਤੇ ਨੀਅਤ ਦਾ ਭਲੀ-ਭਾਂਤ ਖ਼ੁਲਾਸਾ ਕਰ ਰਹੇ ਹਨ। ਇਹੀ ਕਾਰਨ ਹੈ ਕਿ ਪੰਜਾਬ ਨੂੰ ਨਸ਼ਿਆਂ ਦੇ ਛੇਵੇਂ ਦਰਿਆ ਨਾਲ ਤੁਲਨਾ ਦਿੱਤੀ ਜਾਣ ਲੱਗੀ ਹੈ। ਪਿਛਲੇ ਸਾਲਾਂ ਦੌਰਾਨ ਨਸ਼ਿਆਂ ਦੇ ਕਾਰੋਬਾਰ ਵਿੱਚ ਮੰਤਰੀਆਂ, ਵਿਧਾਇਕਾਂ ਅਤੇ ਹੋਰ ਰਸੂਖ਼ਵਾਨਾਂ ਦੀ ਸ਼ਮੂਲੀਅਤ ਚਰਚਾ ਦਾ ਵਿਸ਼ਾ ਰਹੀ ਹੈ। ਇਸੇ ਕਰਕੇ ਲੋਕ ਸਭਾ ਦੀਆਂ ਚੋਣਾਂ ਮੌਕੇ ਸੱਤਾਧਾਰੀ ਧਿਰ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣੇ ਕਰਨਾ ਪਿਆ ਅਤੇ ਨਮੋਸ਼ੀ ਭਰੀ ਹਾਰ ਸਹਿਣੀ ਪਈ। ਨਸ਼ਿਆਂ ਦੇ ਪ੍ਰਚੱਲਣ ਦੀ ਹਕੀਕਤ ਤੋਂ ਇਨਕਾਰ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਨੂੰ ਕਰਾਰੀ ਹਾਰ ਬਾਅਦ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਲਈ ਮਜਬੂਰ ਹੋਣਾ ਪਿਆ। ਨਸ਼ਿਆਂ ਦੇ ਤਸਕਰਾਂ ਅਤੇ ਕਾਰੋਬਾਰੀਆਂ ਵਿਰੁੱਧ ਕੋਈ ਠੋਸ ਕਾਰਵਾਈ ਦੀ ਥਾਂ ਨਸ਼ੇੜੀਆਂ ਦੀ ਫੜ-ਫੜਾਈ ਦੀ ਕਵਾਇਦ ਰਾਹੀਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਕਰਕੇ ਇਸ ਮੁਹਿੰਮ ਦੇ ਸਾਰਥਿਕ ਨਤੀਜੇ ਨਹੀਂ ਨਿਕਲ ਸਕੇ। ਸਿੱਟੇ ਵਜੋਂ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਘਟਣ ਦੀ ਬਜਾਏ ਵਧਦੀ ਹੀ ਜਾ ਰਹੀ ਹੈ। ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰਾਲੇ ਵੱਲੋਂ ਨਸ਼ੀਲੇ ਪਦਾਰਥਾਂ ’ਤੇ ਨਿਰਭਰ ਲੋਕਾਂ ਸਬੰਧੀ ਫਰਵਰੀ 2015 ਤੋਂ ਅਪਰੈਲ 2015 ਦੌਰਾਨ ਕਰਵਾਏ ਗਏ ਸਰਵੇਖਣ ਅਨੁਸਾਰ ਪੰਜਾਬ ਦੀ ਪੌਣੇ ਤਿੰਨ ਕਰੋੜ ਦੀ ਵਸੋਂ ਵਿੱਚੋਂ 2,30,000 ਵਿਅਕਤੀ ਨਸ਼ੀਲੇ ਪਦਾਰਥਾਂ ਦੇ ਆਦੀ ਹਨ। ਇਹ ਗਿਣਤੀ ਇੱਕ ਲੱਖ ਪਿੱਛੇ 836 ਬਣਦੀ ਹੈ ਜਦੋਂਕਿ ਮੁਲਕ ਵਿੱਚ ਇਹ ਗਿਣਤੀ ਔਸਤਨ ਸਿਰਫ਼ 250 ਹੈ। ਇਸ ਤੋਂ ਸਪਸ਼ਟ ਹੈ ਕਿ ਪੰਜਾਬ ਨਸ਼ੀਲੇ ਪਦਾਰਥਾਂ ਦੀ ਲਪੇਟ ਵਿੱਚ ਹੈ। ਸੂਬਾ ਸਰਕਾਰ ਇਸ ਸਥਿਤੀ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਹਕੀਕਤ ਨੂੰ ਮਹਿਜ਼ ਬਿਆਨਬਾਜ਼ੀ ਨਾਲ ਝੁਠਲਾਉਣ ਅਤੇ ਸਚਾਈ ਨੂੰ ਵਿਰੋਧੀ ਧਿਰ ਦਾ ਕੂੜ ਪ੍ਰਚਾਰ ਗਰਦਾਨ ਕੇ ਅਸਲੀਅਤ ਤੋਂ ਅੱਖਾਂ ਮੀਟਣ ਦੀ ਨੀਤੀ ਦਰੁਸਤ ਨਹੀਂ ਕਹੀ ਜਾ ਸਕਦੀ।


ਉੜਤਾ ਪੰਜਾਬ: ਅਕਾਲੀ ਦਲ ਅਤੇ ‘ਆਪ’ ਦੇ ਸਿੰਙ ਫਸੇ

Posted On June - 11 - 2016
ਤਰਲੋਚਨ ਸਿੰਘ
ਚੰਡੀਗੜ੍ਹ, 11 ਜੂਨ
01ਫਿਲਮ ‘ਉੜਤਾ ਪੰਜਾਬ’ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (ਆਪ) ਆਹਮੋ-ਸਾਹਮਣੇ ਆ ਗਏ ਹਨ। ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਅਤੇ ਸਰਕਾਰ ਨੂੰ ਬਦਨਾਮ ਕਰਨ ਲਈ ਆਪਣੇ ਬੰਦਿਆਂ ਰਾਹੀਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਇਹ ਫ਼ਿਲਮ ਤਿਆਰ ਕਰਵਾਈ ਹੈ। ‘ਆਪ’ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਬਾਦਲ ਸਰਕਾਰ ਇਸ ਫਿਲਮ ਰਾਹੀਂ ਜੱਗ-ਜ਼ਾਹਿਰ ਹੋਣ ਵਾਲੇ ਪੰਜਾਬ ਦੇ ਸੱਚ ਤੋਂ ਘਬਰਾ ਕੇ ਅਜਿਹੇ ਦੋਸ਼ ਲਾ ਰਹੀ ਹੈ।
ਪੰਜਾਬ ਦੇ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਲਾਹਕਾਰ ਹਰਚਰਨ ਬੈਂਸ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਜੰਗਵੀਰ ਸਮੇਤ ਪੱਤਰਕਾਰਾਂ ਨੂੰ ਇਸ ਫਿਲਮ ਦੇ ਇੱਕ ਨਿਰਮਾਤਾ ਸੁਮੀਰ ਨਾਇਰ ਦੇ ‘ਆਪ’ ਦੇ ਮੈਂਬਰ ਹੋਣ ਬਾਰੇ ਦਸਤਾਵੇਜ਼ ਪੇਸ਼ ਕਰਦਿਆਂ ਦੋਸ਼ ਲਾਇਆ ਕਿ ਸ੍ਰੀ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅਕਾਲੀ ਦਲ ਅਤੇ ਸਰਕਾਰ ਨੂੰ ਬਦਨਾਮ ਕਰਨ ਲਈ ਇਹ ਫਿਲਮ ਬਣਵਾਈ ਹੈ। ਉਨ੍ਹਾਂ ਸ੍ਰੀ ਨਾਇਰ ਵੱਲੋਂ 18 ਅਕਤੂਬਰ 2013 ਨੂੰ ‘ਆਪ’ ਦੇ ਮੈਂਬਰ ਬਣਨ ਅਤੇ ਸ੍ਰੀ ਕੇਜਰੀਵਾਲ ਵੱਲੋਂ ਸ੍ਰੀ ਨਾਇਰ ਨੂੰ ਪਾਰਟੀ ਦੇ ਸੰਚਾਰ ਵਿੰਗ ਵਿੱਚ ਮਦਦ ਕਰਨ ਦੇ ਦਿੱਤੇ ਸੁਨੇਹਿਆਂ ਦੇ ਦਸਤਾਵੇਜ਼ ਦਿਖਾਏ ਅਤੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਇਹ ਫਿਲਮ ਸਿਆਸੀ ਹਥਿਆਰ ਵਜੋਂ ਵਰਤਣ ਲਈ ਬਣਾਈ ਗਈ ਹੈ।
ਡਾ. ਚੀਮਾ ਨੇ ਕਿਹਾ ਕਿ ਇਨ੍ਹਾਂ ਦਸਤਾਵੇਜ਼ਾਂ ਤੋਂ ਸਾਫ਼ ਹੋ ਗਿਆ ਹੈ ਕਿ ‘ਆਪ’ ਵੱਲੋਂ ਫਿਲਮ ਦੇ ਨਿਰਮਾਤਾ ਨਾਲ ਕੋਈ ਸਬੰਧ ਨਾ ਹੋਣ   ਦੇ ਕੀਤੇ ਜਾ ਰਹੇ ਦਾਅਵੇ ਝੂਠੇ ਸਨ, ਕਿਉਂਕਿ ਸ੍ਰੀ ਨਾਇਰ ਬਾਲਾਜੀ ਟੈਲੀ ਫਿਲਮ ਦੇ ਸੀਈਓ ਹੋਣ ਦੇ ਨਾਲ ‘ਆਪ’ ਦੇ ਸੰਚਾਰ ਵਿੰਗ ਦੇ ਸੀਨੀਅਰ ਮੈਂਬਰ ਹਨ। ਉਨ੍ਹਾਂ ਕਿਹਾ ਕਿ ਸ੍ਰੀ ਨਾਇਰ ਸਪੱਸ਼ਟ ਕਰਨ ਕਿ ਉਨ੍ਹਾਂ ਨੇ ਇਹ ਫਿਲਮ ਬਣਾਉਣ ਤੋਂ ਪਹਿਲਾਂ ਬਾਲਾਜੀ ਕੰਪਨੀ ਕੋਲ ਖੁਲਾਸਾ ਕੀਤਾ ਸੀ ਕਿ ਉਹ ‘ਆਪ’ ਦੇ ਵੀ ਮੈਂਬਰ ਹਨ? ‘ਆਪ’ ਦੇ ਸੂਤਰਾਂ ਅਨੁਸਾਰ ਸ੍ਰੀ ਨਾਇਰ ਪਿਛਲੇ ਸਮੇਂ ਪਾਰਟੀ ਛੱਡ ਗਏ ਸਨ।
ਡਾ. ਚੀਮਾ ਨੇ ਸ੍ਰੀ ਕੇਜਰੀਵਾਲ ਨੂੰ ਇਸ ਮੁੱਦੇ ’ਤੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ‘ਆਪ’ ਵੱਲੋਂ ਇਸ ਫਿਲਮ ਨੂੰ ਸਿਆਸੀ ਹਿੱਤਾਂ ਲਈ ਤਿਆਰ ਕਰਵਾਉਣ ਦਾ ਮੁੱਦਾ ਚੋਣ ਕਮਿਸ਼ਨ ਕੋਲ ਲਿਜਾਣਗੇ ਤੇ ਮੰਗ ਕਰਨਗੇ ਕਿ ਜਿਵੇਂ ਚੋਣ ਜ਼ਾਬਤੇ ਦੌਰਾਨ ਪਾਰਟੀਆਂ ਨੂੰ ਪੈਸਿਆਂ ਦਾ ਹਿਸਾਬ ਦੇਣਾ ਪੈਂਦਾ ਹੈ, ਉਵੇਂ ਚੋਣਾਂ ਤੋਂ ਪਹਿਲਾਂ ਫਿਲਮਾਂ ’ਤੇ ਖ਼ਰਚੇ ਜਾਂਦੇ ਕਰੋੜਾਂ ਰੁਪਏ ਦਾ ਲੇਖਾ-ਜੋਖਾ ਵੀ ਲਿਆ ਜਾਵੇ।
ਉਨ੍ਹਾਂ ਕਿਹਾ ਕਿ ਜੇ ਸੈਂਸਰ ਬੋਰਡ ਅਤੇ ਹਾਈ ਕੋਰਟ ਫਿਲਮ ਨੂੰ ਰਿਲੀਜ਼ ਕਰਨ ਦਾ ਫ਼ੈਸਲਾ ਲੈਂਦੇ ਹਨ ਤਾਂ ਸ੍ਰੀ ਨਾਇਰ ਅਤੇ ਸ੍ਰੀ ਕੇਜਰੀਵਾਲ ਨੂੰ ਇਸ ਫਿਲਮ ਨਾਲ ਆਪਣੀ ਪਾਰਟੀ ਦਾ ਟੈਗ ਵੀ ਲਾ ਲੈਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਕਿ ਫਿਲਮ ‘ਆਪ’ ਦੀ ਵਿਚਾਰਧਾਰਾ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਫਿਲਮ ਦੀ ਅਨਸੈਂਸਰਡ ਸੀਡੀ ਰਿਲੀਜ਼ ਕਰਨ ਦਾ ਦਾਅਵਾ ਕਰਕੇ ਗ਼ੈਰਕਾਨੂੰਨੀ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਉਹ ਵੋਟਾਂ ਲਈ ਕੋਈ ਵੀ ਕਦਮ ਚੁੱਕਣ ਦੇ ਆਦੀ ਹਨ। ਉਨ੍ਹਾਂ ਕਿਹਾ ਕਿ ਜੇ ਹਾਈ ਕੋਰਟ ਫਿਲਮ ਰਿਲੀਜ਼ ਕਰਨ ਦੀ ਇਜਾਜ਼ਤ ਦਿੰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ਪਰ ਇਸ ਦੇ ਨਾਲ ਸੂਬੇ ਵਿੱਚ ਅਮਨ-ਕਾਨੂੰਨ ਦੇ ਮੁੱਦੇ ਨੂੰ ਵਿਚਾਰਦਿਆਂ ਢੁਕਵਾਂ ਕਦਮ ਚੁੱਕਿਆ ਜਾਵੇਗਾ। ਸਿੱਖਿਆ ਮੰਤਰੀ ਨੇ ਕਿਹਾ ਕਿ ਨਸ਼ੇ ਸਿਰਫ਼ ਪੰਜਾਬ ਦੀ ਹੀ ਨਹੀਂ, ਸਗੋਂ ਕੌਮਾਂਤਰੀ ਸਮੱਸਿਆ ਹੈ।
ਬਾਦਲ ਸਰਕਾਰ ਪੰਜਾਬ ਦਾ ਸੱਚ ਛੁਪਾਉਣ ਦੀ ਕੋਸ਼ਿਸ਼ ’ਚ: ਦੁਰਗੇਸ਼
‘ਆਪ’ ਦੀ ਕੌਮੀ ਜਥੇਬੰਦਕ ਸੰਸਥਾ ਦੇ ਮੁਖੀ ਦੁਰਗੇਸ਼ ਪਾਠਕ ਨੇ ਕਿਹਾ ਕਿ ਬਾਦਲ ਸਰਕਾਰ ਇਸ ਫਿਲਮ ਬਾਰੇ ‘ਆਪ’ ਉਤੇ ਬੇਬੁਨਿਆਦ ਦੋਸ਼ ਲਾ ਕੇ ਪੰਜਾਬ ਦਾ ਸੱਚ ਛੁਪਾਉਣ ਦੀ ਕੋਸ਼ਿਸ਼ ਵਿੱਚ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਨਾਇਰ ਹੀ ਨਹੀਂ ਮਾਧੁਰੀ ਦੀਕਸ਼ਤ, ਅਮਿਤਾਭ ਬੱਚਨ ਤੇ ਹੋਰ ਵੱਡੇ ਕਲਾਕਾਰ ‘ਆਪ’ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਸੱਚ ਬੋਲਣ ਵਾਲੇ ‘ਆਪ’ ਦੇ ਨਾਲ ਹਨ। ਸ੍ਰੀ ਕੇਜਰੀਵਾਲ ਨੇ ਵੀ ਫਿਲਮ ਦੇ ਮਾਮਲੇ ’ਤੇ ਅਜਿਹਾ ਹੀ ਬਿਆਨ ਦਿੱਤਾ ਹੈ।

ਕਿਸਾਨ ਮੋਰਚਾ: ਸੜਕਾਂ ’ਤੇ ਡਟੇ ਖੇਤਾਂ ਦੇ ‘ਜਥੇਦਾਰ’

Posted On June - 11 - 2016
ਬਠਿੰਡਾ ਦੇ ਕਿਸਾਨ ਮੋਰਚੇ ਵਿਚ ਡਟਣ ਵਾਲੇ ਕਿਸਾਨ।
ਬਠਿੰਡਾ ਦੇ ਕਿਸਾਨ ਮੋਰਚੇ ਵਿਚ ਡਟਣ ਵਾਲੇ ਕਿਸਾਨ।
ਚਰਨਜੀਤ ਭੁੱਲਰ
ਬਠਿੰਡਾ, 11 ਜੂਨ
ਬਠਿੰਡਾ ਦੇ ਕਿਸਾਨ ਮੋਰਚੇ ਵਿੱਚ ਖੇਤਾਂ ਦੇ ‘ਜਥੇਦਾਰ’ ਡਟੇ ਹੋਏ ਹਨ ਪ੍ਰੰਤੂ ਉਨ੍ਹਾਂ ਦੀ ਸੁਣਨ ਵਾਲਾ ਕੋਈ ਨਹੀਂ ਹੈ। ਖੇਤ ਬਚਾਉਣ ਖਾਤਰ ਉਹ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਨ। ਪੋਤਿਆਂ ਨੂੰ ਕਿਤੇ ਸੜਕਾਂ ’ਤੇ ਨਾ ਬੈਠਣਾ ਪਵੇ, ਇਸੇ ਉਮੀਦ ਨਾਲ ਉਹ ਵਰ੍ਹਿਆਂ ਤੋਂ ਕਦੇ ਰੇਲ ਲਾਈਨਾਂ ’ਤੇ ਸਿਰ ਰੱਖਦੇ ਹਨ ਅਤੇ ਕਿਤੇ ਸੜਕਾਂ ’ਤੇ ਡਟ ਜਾਂਦੇ ਹਨ। ਦੋ ਦਹਾਕਿਆਂ ਤੋਂ ਉਹ ਕਿਸਾਨੀ ਸੰਘਰਸ਼ ਵਿਚ ਡਟੇ ਹੋਏ ਹਨ। ਹੁਣ ਪੂਰੇ 19 ਦਿਨਾਂ ਤੋਂ ਚੱਲ ਰਿਹਾ ਬਠਿੰਡਾ ਦਾ ਮੋਰਚਾ ਉਨ੍ਹਾਂ ਲਈ ਪ੍ਰੀਖਿਆ ਤੋਂ ਘੱਟ ਨਹੀਂ।
ਪਿੰਡ ਨੰਗਲਾ ਦੇ ਬਹੱਤਰ ਸਿੰਘ ਦੇ ਟਰਾਈਡੈਂਟ ਘੋਲ ਦੌਰਾਨ 31 ਜਨਵਰੀ 2007 ਨੂੰ ਪੁਲੀਸ ਦੀ ਪਲਾਸਟਿਕ ਦੀ ਗੋਲੀ ਉਸ ਦੇ ਪੱਟ ਵਿੱਚ ਲੱਗੀ ਸੀ। ਪੁਲੀਸ ਦੀ ਇਹ ਗੋਲੀ ਅੱਜ ਵੀ ਉਸ ਦੇ ਸਰੀਰ ਵਿੱਚ ਹੈ ਕਿਉਂਕਿ ਉਹ ਕਢਵਾ ਹੀ ਨਹੀਂ ਸਕਿਆ। ਉਹ ਬਠਿੰਡਾ ਅਤੇ ਬਰਨਾਲਾ ਜੇਲ੍ਹ ਵਿੱਚ ਵੀ ਜਾ ਚੁੱਕਿਆ ਹੈ। ਮਾਨਸਾ ਦੇ ਪਿੰਡ ਬੁਰਜ ਹਰੀ ਦਾ ਮਹਿੰਦਰ ਸਿੰਘ ਰੋਮਾਣਾ ਅੱਧੀ ਦਰਜਨ ਜੇਲ੍ਹਾਂ ਵਿੱਚ ਜਾ ਚੁੱਕਿਆ ਹੈ। ਉਸ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਨੂੰ ਜੇਲ੍ਹ ਨਹੀਂ ,ਚੰਗੇ ਦਿਨ ਦਿਖਾਵੇ। ਕਿਸਾਨ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਤਾਂ ਐਮਰਜੈਂਸੀ ਵੇਲੇ ਪ੍ਰਕਾਸ਼ ਸਿੰਘ ਬਾਦਲ ਦੇ ਸੱਦੇ ’ਤੇ ਵੀ ਜੇਲ੍ਹ ਕੱਟੀ ਸੀ।    ਮੁੱਖ ਮੰਤਰੀ ਦੇ ਸਹੁਰੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦਾ ਕਿਸਾਨ ਮਹਿੰਦਰ ਸਿੰਘ ਹੁਣ ਕਿਸਾਨ ਘੋਲ ਨੂੰ ਹੀ ਆਪਣਾ ਧਰਮ ਮੰਨਦਾ ਹੈ। ਪਿੰਡ ਬਹਿਮਣ ਕੌਰ ਸਿੰਘ ਵਾਲਾ ਦੇ 84 ਵਰ੍ਹਿਆਂ ਦਾ ਕਿਸਾਨ ਜਰਨੈਲ ਸਿੰਘ ਜ਼ਿੰਦਗੀ ਦਾ ਆਖਰੀ ਪਹਿਰ ਵੀ ਕਿਸਾਨ ਮੋਰਚੇ ਦੇ ਲੇਖੇ ਲਾ ਰਿਹਾ ਹੈ। ਹਰ ਬਜ਼ੁਰਗ ਦੇ ਚਿਹਰੇ ਤੋਂ ਸੰਘਰਸ਼ੀ ਲੋਅ ਝਲਕ ਰਹੀ ਹੈ।
ਕਿਸਾਨ ਮੋਰਚੇ ਵਿੱਚ ਅੱਜ ਜ਼ਿਲ੍ਹਾ ਬਰਨਾਲਾ ਦੇ ਕਿਸਾਨ, ਮਜ਼ਦੂਰ ਪੁੱਜੇ ਹੋਏ ਸਨ। ਕਿਸਾਨ ਮੋਰਚੇ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਿਸ਼ਾਨੇ ’ਤੇ ਰਹੀ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਬਰਨਾਲਾ ਦੇ ਚਮਕੌਰ ਸਿੰਘ ਨੈਣੇਵਾਲ  ਨੇ ਆਖਿਆ ਕਿ ਜੇਕਰ ਬਾਦਲ ਪਰਿਵਾਰ ਨੂੰ ਕਿਸਾਨਾਂ ਦਾ ਹੇਜ ਹੋਵੇ ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਿਸਾਨਾਂ ਦੇ ਮਸਲੇ ਹੱਲ ਕਰਵਾ ਸਕਦੀ ਹੈ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਹੈ ਕਿ ਹੁਣ ਸਰਕਾਰ ਚੰਗੀ ਤਰ੍ਹਾਂ ਕਿਸਾਨਾਂ ਦਾ ਸਬਰ ਪਰਖ ਹੀ ਲਵੇ। ਕਿਸਾਨ ਮੋਰਚੇ ਨੂੰ ਅੱਜ ਇੰਦਰਜੀਤ ਝੱਬਰ, ਜੋਗਿੰਦਰ ਦਿਆਲਪੁਰਾ, ਗੁਰਮੇਲ ਸਾਹਨੇਵਾਲੀ, ਸਾਧੂ ਅਲੀਸ਼ੇਰ, ਹਰਜਿੰਦਰ ਬੱਗੀ, ਮਾਸਟਰ ਸੁਖਦੇਵ ਜਵੰਧਾ, ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ, ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਐਕਸ਼ਨ ਕਮੇਟੀ ਦੇ ਪ੍ਰਧਾਨ ਜਗਪ੍ਰੀਤ ਸਿੰਘ ਨੇ ਸੰਬੋਧਨ ਕੀਤਾ। ਅਜਮੇਰ ਅਕਲੀਆ ਅਤੇ ਬਲਦੇਵ ਕੌਰ ਭੰਮੇ ਕਲਾਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।



No comments:

Post a Comment